Saturday, June 12, 2010

ਕਾਂਡ ਪਹਿਲਾ

ਕਾਂਡ ਪਹਿਲਾ
ਬਿੱਲੇ ਦਾ ਅਸਲ ਨਾਂ ਹਰਮਨਪ੍ਰੀਤ ਸਿੰਘ ਸੀ। ਗੋਰਾ ਨਿਸ਼ੋਹ ਅਤੇ ਸੋਹਣਾ ਸੁਨੱਖਾ ਲਡ਼ਕਾ! ਅੱਖਾਂ ਬਿੱਲੀਆਂ ਹੋਣ ਕਾਰਨ ਸਾਰੇ ਉਸ ਨੂੰ "ਬਿੱਲਾ" ਆਖਦੇ। ਮੱਧ-ਵਰਗੀ ਕਿਸਾਨ ਦਾ ਪੁੱਤਰ, ਬਡ਼ਾ ਹੀ ਮਿੱਠ-ਬੋਲਡ਼ਾ ਮੁੰਡਾ ਸੀ। ਪਿੰਡ ਦੇ ਹਾਈ ਸਕੂਲ ਵਿਚ ਵਿਦਿਆਰਥੀ ਉਸ ਨੂੰ "ਕੁਡ਼ੀਆਂ ਵਰਗਾ" ਆਖਦੇ। ਬੱਸ! ਬਿੱਲੂ ਮੁਸਕਰਾ ਕੇ ਹੀ ਅੱਗੇ ਤੁਰ ਜਾਂਦਾ। ਸਕੂਲ ਦੀਆਂ ਮੈਡਮਾਂ ਦਾ ਤਾਂ ਉਹ ਖਾਸ ਚਹੇਤਾ ਸੀ, ਕਿਉਂਕਿ ਉਹ ਦੂਜੇ ਗੁੰਡੇ ਵਿਦਿਆਰਥੀਆਂ ਵਾਂਗ ਮੈਡਮਾਂ ਵੱਲ "ਵੱਢ-ਖਾਣੀ" ਝਾਕਣੀ ਨਹੀਂ ਝਾਕਦਾ ਸੀ। ਹਮੇਸ਼ਾ ਨੀਵੀਂ ਪਾ ਕੇ ਰੱਖਦਾ ਸੀ। ਪਡ਼੍ਹਾਉਣ ਦੌਰਾਨ ਮੈਡਮਾਂ ਉਸ ਨੂੰ ਆਖਦੀਆਂ:
-"ਵੇ ਬਿੱਲਿਆ! ਸਾਡੇ ਸੁਆਲਾਂ ਦਾ ਜਵਾਬ ਮੂੰਹ ਉਪਰ ਕਰ ਕੇ ਦਿਆ ਕਰ! ਤੂੰ ਤਾਂ ਕੁਡ਼ੀਆਂ ਨਾਲੋਂ ਵੀ ਗਿਆ ਗੁਜ਼ਰਿਆ ਵਿਐਂ? ਵੇ ਤੂੰ ਕਿਤੇ ਸੱਚੀਂ ਕੁਡ਼ੀ ਤਾਂ ਨ੍ਹੀ?"
ਕਲਾਸ ਵਿਚ ਹਾਸਡ਼ ਮੱਚ ਜਾਂਦੀ।
ਬਿੱਲੇ ਦਾ ਮੂੰਹ ਲਾਲ-ਝਰੰਗ ਹੋ ਜਾਂਦਾ।
-"ਮੈਡਮ! ਜੇ ਤੁਸੀਂ ਇਜਾਜਤ ਦੇਵੋਂ ਤਾਂ ਮੈਂ ਦੇਖ ਕੇ ਦੱਸ ਸਕਦੈਂ ਕਿ ਇਹ ਮੁੰਡਾ ਐ ਕਿ ਕੁਡ਼ੀ!" ਬਗੀਚਾ ਆਪਣਾ ਬਘਿਆਡ਼ ਵਰਗਾ ਮੂੰਹ ਖੋਲ੍ਹ ਕੇ ਆਖਦਾ ਤਾਂ ਹੋਰ ਹਾਸਡ਼ ਪੈ ਜਾਂਦੀ। ਬਗੀਚਾ ਚਾਰ ਸਾਲਾਂ ਤੋਂ ਦਸਵੀਂ ਵਿਚ ਹੀ ਗੇਡ਼ੇ ਖਾਈ ਜਾ ਰਿਹਾ ਸੀ। ਮੂੰਹ 'ਤੇ ਭਰਵੀਂ ਦਾਹਡ਼ੀ ਆ ਗਈ ਸੀ।
-"ਵੇ ਤੂੰ ਚੁੱਪ ਕਰਿਆ ਕਰ ਵੇ ਬੋਢਲ ਕੱਟਿਆ! ਦਸਵੀਂ ਪਾਸ ਕਰਕੇ ਸਾਡਾ ਖਹਿਡ਼ਾ ਛੱਡ-ਕਿਵੇਂ ਦੱਦ ਲੱਗਿਐ-ਦਾਹਡ਼ੀ ਮੂੰਹ 'ਤੇ ਗਿੱਟੇ-ਗਿੱਟੇ ਆ ਗਈ।" ਹਿੰਦੀ ਵਾਲੀ ਮੈਡਮ ਆਖਦੀ ਤਾਂ ਬਗੀਚਾ ਕਚੂਚ ਜਿਹਾ ਹੋ ਜਾਂਦਾ।
-"ਮੈਡਮ-ਇਹ ਤਾਂ ਦੋ ਜੁਆਕਾਂ ਦਾ ਪਿਉ ਬਣਕੇ ਈ ਦਸਵੀਂ ਕਰੂ! ਮੰਗਣਾ ਤਾਂ ਇਹਦਾ ਹੋ ਈ ਚੁੱਕਿਐ।" ਨੀਲੂ ਆਖਦਾ ਤਾਂ ਬਗੀਚਾ ਹੋਰ ਕੱਚੇ ਲਹਿ ਜਾਂਦਾ।
-"ਮੈਡਮ! ਆਪਾਂ ਸਾਰੇ ਇਹਦੀ ਜੰਨ ਚੱਲਾਂਗੇ।" ਪੂਰਨਾ ਖਹਿਰਾ ਆਖਦਾ ਤਾਂ ਹਿੰਦੀ ਵਾਲੀ ਮੈਡਮ ਖਿਝਦੀ।
-"ਵੇ ਮੈਂ ਤਾਂ ਹੋਰ ਹੈਰਾਨ ਐਂ ਬਈ ਇਹਨੂੰ ਬਿੱਜੂ ਨੂੰ ਸਕੀ ਧੀ ਦਾ ਸਾਕ ਕਰ ਕੀਹਨੇ ਦਿੱਤਾ? ਇਹ ਤਾਂ ਦਸਵੀਂ 'ਚ ਈ ਬੁੱਢਾ ਹੁੰਦਾ ਜਾਂਦੈ!"
-"ਮੈਡਮ ਸਾਕ ਇਹਨੂੰ ਨ੍ਹੀ-ਇਹਦੀ ਜਮੀਨ ਨੂੰ ਹੋਇਐ!" ਨੰਜੂ ਕਾ ਨਿੰਮਾ ਸੱਚਾਈ ਤੋਂ ਪਰਦਾ ਚੁੱਕਦਾ।
-"ਵੇ ਭੱਠ ਪਿਆ ਸੋਨਾ-ਜਿਹਡ਼ਾ ਕੰਨਾਂ ਨੂੰ ਖਾਵੇ! ਜਮੀਨ ਐਹੋ ਜਿਹੀ ਕਿਹਡ਼ਾ ਚੱਟ ਲੈਣੀਂ ਐਂ? ਘਰਵਾਲਾ ਤਾਂ ਬਿੱਲੇ ਅਰਗਾ ਚਾਹੀਦੈ! ਚਾਹੇ ਘਰੇ ਡੱਕਾ ਨਾ ਹੋਵੇ।" ਮੈਡਮ ਆਖਦੀ।
-"ਮੈਡਮ ਕਿਤੇ ਤੁਸੀਂ ਤਾਂ ਨ੍ਹੀ ਇਹਦੇ 'ਤੇ ਅੱਖ ਰੱਖੀ ਫਿਰਦੇ? ਹੋਰ ਤਾਂ ਹੋਰ-ਇਹ ਤਾਂ ਥੋਨੂੰ ਰੋਟੀਆਂ ਵੀ ਪਕਾ ਕੇ ਖੁਆਇਆ ਕਰੂ!" ਬਗੀਚਾ ਹਾਰੀ ਬਾਜ਼ੀ ਜਿੱਤਣ ਲਈ ਆਖਦਾ। ਬਿੱਲਾ ਸ਼ਰਮ ਨਾਲ ਧਰਤੀ ਵਿਚ ਗੱਡਿਆ ਜਾਂਦਾ।
-"ਵੇ ਤੂੰ ਮੈਥੋਂ ਕਿਤੇ ਜੁੱਤੀਆਂ ਨਾ ਖਾਲੀਂ, ਬੋਕਾ! ਤੈਨੂੰ ਤਾਂ ਨਾ ਅਕਲ ਨਾ ਮੌਤ!" ਮੈਡਮ ਕੁਡ਼੍ਹ ਕੇ ਆਖਦੀ।
ਬਗੀਚਾ ਬਹੁਤ ਹੀ ਮੂੰਹ-ਫੱਟ ਮੁੰਡਾ ਸੀ। ਅੱਤ ਦਰਜੇ ਦਾ ਅਲੱਥ। ਬੇਸ਼ਰਮ ਅਤੇ ਬੇਲੱਜ!
ਇੱਕ ਦਿਨ ਬਗੀਚੇ ਦਾ ਸਾਈਕਲ ਮਕਾਣ ਜਾਂਦੀਆਂ ਬੁਡ਼੍ਹੀਆਂ ਵਿਚ ਜਾ ਵੱਜਿਆ।
ਕਾਵਾਂਰੌਲੀ ਮੱਚ ਗਈ।
-"ਵੇ ਪੁੱਤ! ਟੱਲੀ ਤਾਂ ਮਾਰ ਦਿੰਦਾ?" ਇਕ ਬੁਡ਼੍ਹੀ ਨੇ ਗਿ਼ਲਾ ਕੀਤਾ।
-"ਟੱਲੀ ਕਿਹਡ਼ਾ ਬੇਬੇ ਤੁਸੀਂ ਸੁਣਨੀ ਸੀ? ਤਰ੍ਹਾਂ ਤਰ੍ਹਾਂ ਦੇ ਰਾਗ ਤਾਂ ਤੁਸੀਂ ਅਲਾਪਦੀਆਂ ਜਾਨੀਐਂ!"
-"ਦੇਖ ਕੁਡ਼੍ਹੇ! ਗੱਲਾਂ ਕਿਮੇਂ ਕਰਦੈ? ਮੂੰਹ 'ਤੇ ਦਾਹਡ਼ੀ ਐ!" ਇਕ ਹੋਰ ਕੌਡ਼ ਮੱਝ ਵਾਂਗ ਪਈ।
-"ਮਾਈ! ਇਹੇ ਦਾਹਡ਼ੀ ਐ-ਬਰੇਕ ਨ੍ਹੀ!" ਤੇ ਬਗੀਚੇ ਨੇ ਸਾਈਕਲ 'ਤੇ ਲੱਤ ਦੇ ਲਈ। ਬੁਡ਼੍ਹੀਆਂ ਨੇ ਆਪਣੇ ਭਾਂਤ-ਸੁਭਾਂਤੇ ਵੈਣ ਫੇਰ ਸ਼ੁਰੂ ਕਰ ਦਿੱਤੇ।
-"ਦੁੱਖ ਤਾਂ ਸਿਰਫ਼ ਉਹਨਾਂ ਨੂੰ ਈ ਐ-ਜਿਹਨਾਂ ਦਾ ਕੋਈ ਮਰਿਐ-ਬਾਕੀਆਂ ਦਾ ਤਾਂ ਮਾਘੀ ਮੇਲੈ-ਤਾਲ ਦੇਖ ਇੱਕ ਦੂਜੀ ਨਾਲ ਕਿਵੇਂ ਮਿਲਾਉਂਦੀਐਂ!" ਸਾਈਕਲ 'ਤੇ ਹਵਾ ਹੋਇਆ ਜਾਂਦਾ ਬਗੀਚਾ "ਬੁਡ਼-ਬੁਡ਼" ਕਰਦਾ ਜਾ ਰਿਹਾ ਸੀ।
ਬਿੱਲੇ ਨੇ ਦਸਵੀਂ ਪਾਸ ਕਰ ਲਈ।
ਉਹ ਮੋਗੇ ਕਾਲਜ ਵਿਚ ਦਾਖਲਾ ਲੈਣਾ ਚਾਹੁੰਦਾ ਸੀ। ਪਰ ਬਾਪੂ ਬਲਿਹਾਰ ਸਿੰਘ ਨੇ ਲੱਤ ਨਾ ਲਾਈ।
-"ਹੋਰ ਪਡ਼੍ਹ ਕੇ ਕੀ ਇਹੇ ਐੱਲਸਪੈੱਲਟਰ ਲੱਗਜੂ? ਬਲਦਾਂ ਦੀਆਂ ਪੂਛਾਂ ਈ ਮਰੋਡ਼ਨੀਐਂ-ਜਦੋਂ ਮਰਜੀ ਐ ਮਰੋਡ਼ ਲਵੇ!" ਬਾਪੂ ਵਾਰ-ਵਾਰ ਦੁਰਮਟ ਵਰਗਾ ਪੈਰ ਧਰਤੀ 'ਤੇ ਮਾਰਦਾ ਸੀ।
-"ਪਡ਼੍ਹ ਲੈਣਦੇ ਜੇ ਪਡ਼੍ਹਨ ਨੂੰ ਆਖਦੈ ਤਾਂ-ਉਹ ਜਾਣੇਂ! ਓਸ ਗੱਲ ਦੇ ਆਖਣ ਮਾਂਗੂੰ-ਅੱਗੇ ਵੀ ਟੈਮ ਪਾਸ ਕਰਦੇ ਈ ਐਂ-ਜਿੱਥੇ ਕੱਟਿਆਂ ਦੀਆਂ ਉਥੇ ਵੱਛਿਆਂ ਦੀਆਂ-!" ਬੇਬੇ ਨੇ ਸਹਿਜਮਤੇ ਨਾਲ ਕਿਹਾ।
-"ਫਾਇਦਾ ਕੀ ਹੋਊ? ਕਾਲਜ 'ਚ ਇਹੇ ਘਤਿੱਤਾਂ ਈ ਸਿੱਖੂ? ਕਾਲਜੀਏਟ ਤਾਂ ਅੱਧੇ ਕਮਲੇ ਹੋ ਜਾਂਦੇ ਐ-ਨਾ ਆਪ ਜੋਕਰੇ ਤੇ ਨਾ ਘਰਦਿਆਂ ਜੋਕਰੇ! ਨਿਰੇ ਈ ਮਿੱਟੀ ਦੇ ਮਾਧੋ-ਜਹਾਨ ਦੇ ਟੂਟਲ!"
-"-------।" ਬੇਬੇ ਨਿੱਰੁਤਰ ਸੀ।
-"ਚਿੱਠੀ ਪੱਤਰ ਜੋਗਾ ਇਹ ਹੋ ਗਿਐ-ਬੱਸ ਬਹੁਤ ਐ-ਆਏ ਸਾਲ ਸੀਰੀ ਨੂੰ ਥੱਬਾ ਰੁਪਈਆਂ ਦਾ ਦਿੰਨੇ ਐਂ-ਮੈਂ ਤਾਂ ਐਤਕੀਂ ਸੀਰੀ ਨੂੰ ਹਟਾ ਕੇ ਇਹਨੂੰ ਪੰਜਾਲੀ ਹੇਠ ਦੇ ਲੈਣੈਂ-ਜੱਟ ਦਾ ਪੁੱਤ ਤਾਂ ਚੰਡਿਆ ਈ ਲੋਟ ਰਹਿੰਦੈ!"
-"ਤੂੰ ਕਿਹਡ਼ਾ ਖੇਤਾਂ 'ਚੋਂ ਮਹਿਲ ਪਾ ਲਏ? ਨਾਲੇ ਹੁਣ ਇਹ ਪਾ ਲਊ! ਧੰਦ ਐ ਜਿੰਨਾਂ ਮਰਜੀ ਐ ਪਿੱਟੀ ਜਾਹ-ਵਾਹੀ 'ਚੋਂ ਤਾਂ ਪੁੱਤ ਖਾਣੇ ਦੇ ਪੰਜ ਪਾਂਜੇ ਨ੍ਹੀ ਪੂਰੇ ਹੁੰਦੇ-ਠੂਠੇ ਨਾਲ ਕੁਨਾਲ ਵੱਜਦਾ ਰਿਹੈ ਸਾਰੀ ਉਮਰ-ਗਲੋਂ ਲੀਰਾਂ ਨ੍ਹੀ ਉਤਰੀਆਂ।" ਬੇਬੇ ਸਿ਼ਕਵਾ ਕਰਕੇ ਅੱਖਾਂ ਭਰ ਆਈ। ਉਹ ਖੇਤ ਰੋਟੀਆਂ ਢੋਂਦੀ ਅਤੇ ਕੱਚੇ ਘਰ ਨੂੰ ਲਿੱਪਦੀ ਬੁੱਢੀ ਹੋ ਗਈ ਸੀ।
-"ਇਹ ਜਿੰਨੇ ਕਾਲਜੀਏਟ ਐ ਨਾ-?" ਬਾਪੂ ਗੁੱਸੇ ਵਿਚ ਦਧਨ ਹੋਇਆ, ਬੇਬੇ ਦੇ ਨਜ਼ਦੀਕ ਹੋ ਗਿਆ।
-"ਇਹ ਜਿੰਨੇ ਕਾਲਜੀਏਟ ਐ-ਸਾਰੇ ਫਿੱਟਣੀਆਂ ਦੇ ਫੇਟ ਐ-ਨਿੱਤ ਨਵਾਂ ਚੱਕੀਰਾਹਾ ਕੱਢ ਕੇ ਦਿਖਾਉਂਦੇ ਐ-।"
-"ਵੇ ਆਪਣੇ ਆਲਾ ਤਾਂ ਜਮਾ ਈ ਗਊ ਐ! ਮੂੰਹ 'ਚ ਜਬਾਨ ਈ ਨ੍ਹੀ ਬੱਤੀ ਸੁਲੱਖਣੇ ਦੇ।"
-"ਮੱਲ ਕੇ ਮੁੰਡੇ ਬਾਰੇ ਪਤੈ-?"
-"--------।" ਬੇਬੇ ਚੁੱਪ ਸੀ। ਸੁਣ ਰਹੀ ਸੀ।
-"ਪਤੈ ਤੈਨੂੰ? ਦਸਵੀਂ ਤੱਕ ਵਧੀਆ ਪਡ਼੍ਹੀ ਗਿਐ-ਗਿੱਬਿਆਂ ਵਿਆਂ ਨੇ ਕਾਲਜ ਲਾਤਾ-ਅਖੇ ਹਮਰਾ ਲਡ਼ਕਾ ਬਹੁਤ ਸਿ਼ਆਰ ਐ ਜੀ! ਕਾਲਜ ਜਾ ਕੇ ਸਾਲੇ ਨੂੰ ਪਤਾ ਨ੍ਹੀ ਕੀ ਧਤੂਰਾ ਚਡ਼੍ਹ ਗਿਆ? ਅੱਤਬਾਦੀਆਂ ਦੇ ਘਨ੍ਹੇਡ਼ੀਂ ਜਾ ਚਡ਼੍ਹਿਆ-ਤੇਰੇ ਸਾਹਮਣੇ ਈ ਐ-ਸਾਰੀ ਜਮੀਨ ਜੈਦਾਤ ਫੂਕਤੀ ਉਹਦੇ ਮਗਰ-ਪਰ ਪੁਲਸ ਨੇ ਉਹਨੂੰ ਫੇਰ ਵੀ ਨਾ ਬਗਸਿ਼ਆ-ਪੈਸੇ ਖਾ ਕੇ ਵੀ ਮੁਕਾਬਲਾ ਬਣਾ ਧਰਿਆ-ਵਿਚਾਰੇ ਦਰਵੇਸ਼ ਮੱਲ ਦੀ ਦਾਹਡ਼ੀ ਪੁਲਸ ਨੇ ਬਾਧੂ ਦੀ ਪੱਟੀ-ਸਾਰੀ ਉਮਰ ਵਿਚਾਰੇ ਨੇ ਕਿਤੋਂ ਉਲਾਂਭਾ ਨ੍ਹੀ ਖੱਟਿਆ ਸੀ-ਕਾਲਜੀਏਟ ਮੁੰਡੇ ਨੇ ਕਿਤੋਂ ਜੋਗਾ ਨ੍ਹੀ ਛੱਡਿਆ-ਮੈਂ ਤਾਂ ਪਿੱਟਦੈਂ!" ਬਾਪੂ ਨੇ ਪੈਰਾਂ ਹੇਠੋਂ ਮਿੱਟੀ ਕੱਢੀ।
ਬੇਬੇ ਚੁੱਪ ਹੋ ਗਈ।
-"ਜੀਤ ਕੁਰੇ! ਮੈਂ ਇਹਦਾ ਕੋਈ ਦੋਖੀ ਨ੍ਹੀ-ਮੈਂ ਇਹਦਾ ਪਿਉ ਐਂ! ਮੈਂ ਕਾਲਜ ਤੋਂ ਨ੍ਹੀ-ਹਾਲਾਤਾਂ ਤੋਂ ਡਰਦੈਂ-ਸਿੱਖਾਂ ਦੇ ਮੁੰਡੇ ਤਾਂ ਬਾਰ ਦੇ ਦੀਵੇ ਐ-ਅੰਦਰ ਚੂਹੇ ਤੇ ਬਾਹਰ ਕਾਂ ਨ੍ਹੀ ਛੱਡਦੇ!"
-"--------।" ਬੇਬੇ ਦਾ ਗੁੱਸਾ ਠਰ ਗਿਆ।
-"ਕਿੰਦਰ ਤੇ ਮਿੰਦਰ ਵਿਆਹੁਣ ਆਲੀਆਂ ਹੋਈਆਂ ਪਈਐਂ-ਇਹ ਤਾਂ ਦੋਨਾਂ ਤੋਂ ਛੋਟੈ-ਚਾਰ ਸਾਲ ਹੋਰ ਅਡ਼ਕ ਜਾਵਾਂਗੇ-ਪਰ ਕੁਡ਼ੀਆਂ ਤਾਂ ਮੇਰੇ ਦਿਲ 'ਤੇ ਤਾਪ ਮਾਂਗੂੰ ਚਡ਼੍ਹੀਆਂ ਪਈਐਂ-ਚਾਹੇ ਅੱਜ ਵਿਆਹ ਲੈ-ਪੈਲੀ ਤਾਂ ਲੱਗੇ ਪੂਰੇ ਨ੍ਹੀ ਕਰਦੀ-ਦੂਜੀ ਗੌਰਮਿਲਟ ਦੁਸ਼ਮਣ ਬਣਗੀ-ਪਾਣੀ ਪੰਜਾਬ ਦਾ ਤੇ ਦੇਤਾ ਹਰਿਆਣੇ ਨੂੰ-ਜਿਹਡ਼ੀਆਂ ਲਹੂ ਨਾਲ ਸਿੰਜ ਕੇ ਮੰਡੀ ਲਿਜਾਨੇ ਐਂ-ਉਹ ਆਡ਼੍ਹਤੀਆਂ ਕੋਲੇ ਮੰਡੀ 'ਚ ਰੁਲੀ ਜਾਂਦੀਐਂ-ਦੱਸ ਕਿਸਾਨ ਮਰੂ ਨਾ ਤਾਂ ਹੋਰ ਕੀ ਕਰੂ?"
-"------।"
-"ਨਿੱਤ ਨਵਾਂ ਸੱਪ ਕੱਢ ਦਿਖਾਉਂਦੇ ਐ-ਐਤਕੀਂ ਆਹ ਬੀਜੋ ਜੀ-ਐਤਕੀਂ ਗੰਨਾਂ ਬੀਜੋ ਜੀ-ਐਤਕੀਂ ਆਲੂ ਬੀਜੋ ਜੀ-ਪਰ ਧਗਡ਼ਿਆਂ ਪਿੱਟਿਆਂ ਨੂੰ ਕੋਈ ਪੁੱਛੇ-ਬਈ ਬੀਜ ਤਾਂ ਲਵਾਂਗੇ-ਪਰ ਵੇਚਾਂਗੇ ਕਿਹਡ਼ੀ ਮਾਂ ਆਲੀ ਮੰਡੀ 'ਚ?"
-"---------।"
-"ਆਲੂਆਂ ਦੀ ਕੀ ਦੁਰਦਸ਼ਾ ਹੋਈ? ਗੰਨੇ ਨੂੰ ਕਿਸੇ ਨੇ ਨਹੀਂ ਸਿਆਣਿਆਂ-ਜੱਟ ਵਿਚਾਰੇ ਜੂਸ ਕੱਢਣ ਆਲਿਆਂ ਨੂੰ ਕੌਡੀਆਂ ਵੱਟੇ ਵੇਚਦੇ ਦੇਖੇ ਐ।"
-"ਕੀ ਕਰੇ ਬੰਦਾ? ਇਹਨਾਂ ਨਿੱਜ ਨੂੰ ਜਾਣਿਆਂ ਨੂੰ ਗੋਲੀ ਤਾਂ ਮਾਰਨੋਂ ਰਿਹਾ?" ਬੇਬੇ ਕਾਫ਼ੀ ਦੇਰ ਬਾਅਦ ਬੋਲੀ ਸੀ।
-"ਕਰਨਾ ਕੀ ਐ? ਰੋਂਦਾ ਐ ਜੱਟ ਜਣਦਿਆਂ ਨੂੰ-ਕੁਡ਼੍ਹੇ ਕਿੰਦਰ--!"
-"ਹਾਂ ਬਾਪੂ ਜੀ!" ਕੁਡ਼ੀ ਰਸੋਈ 'ਚੋਂ ਬੋਲੀ।
-"ਚਾਹ ਬਣਾ ਪੁੱਤ ਉਏ! ਮੇਰਾ ਤਾਂ ਸਰੀਰ ਜਿਆ ਟੁੱਟੀ ਜਾਂਦੈ।"
-"ਬਣਾਉਨੀ ਐਂ ਬਾਪੂ ਜੀ।"
-"ਬਿੱਲਾ ਕਿੱਥੇ ਐ?"
-"ਗੁਰਮੀਤੇ ਕੋਲੇ ਬੈਠਾ ਹੋਣੈਂ-'ਵਾਜ ਮਾਰਾਂ?"
-"ਮਾਰ 'ਵਾਜ ਉਹਨੂੰ! ਡਾਕਦਾਰ ਤੋਂ ਕੋਈ ਗੋਲੀ ਗੱਪਾ ਲੈ ਆਊ-ਮੇਰੀਆਂ ਤਾਂ ਅੱਖਾਂ ਜੀਆਂ ਮੱਚੀ ਜਾਂਦੀਐਂ-ਜਾਣੀਦੀ ਅੱਗ ਨਿਕਲਦੀ ਐ।"
-"ਤਾਪ ਤਾਂ ਨ੍ਹੀ ਹੋ ਗਿਆ ਤੈਨੂੰ?" ਬੇਬੇ ਨੇ ਫਿਕਰ ਕੀਤਾ।
-"ਤਾਪ ਤਾਂ ਕੀ ਹੋਣਾ ਸੀ-ਊਂ ਈ ਹੱਡ ਪੈਰ ਜਿਹੇ ਟੁੱਟਦੇ ਐ।"
ਬੇਬੇ ਨੇ ਬਾਪੂ ਦੇ ਮੱਥੇ 'ਤੇ ਹੱਥ ਧਰ ਕੇ ਦੇਖਿਆ।
ਮੱਥਾ ਤੰਦੂਰ ਵਾਂਗ ਤਪ ਰਿਹਾ ਸੀ।
-"ਤੈਨੂੰ ਤਾਂ ਬਲਾਈ ਤਾਪ ਐ! ਬੂਹ ਮੈਂ ਮਰਗੀ-ਤੂੰ ਪਹਿਲਾਂ ਕਿਉਂ ਨਾ ਦੱਸਿਆ?"
-"ਕੀ ਦੱਸਦਾ? ਮੈਂ ਤਾਂ ਕਿਹਾ ਸਿਰ ਊਂਈਂ ਘਾਊਂ ਮਾਊਂ ਜਿਆ ਹੁੰਦੈ-ਆਪੇ ਹੱਟਜੂਗਾ-ਤੂੰ ਬਿੱਲੇ ਨੂੰ ਹਾਕ ਮਾਰ!"
-"ਮਾਰਦੀ ਐਂ।"
ਬੇਬੇ ਤੁਰ ਗਈ।
ਬਿੱਲਾ ਬੇਬੇ ਦੇ ਨਾਲ ਹੀ ਆ ਗਿਆ।
-"ਜਾਹ ਪੁੱਤ ਮੇਰਿਆ-ਡਾਕਦਾਰ ਨੂੰ ਬੁਲਾ ਕੇ ਲਿਆ ਸ਼ੇਰ ਬੱਗਿਆ! ਮੈਥੋਂ ਤਾਂ ਤੁਰਿਆ ਨਹੀਂ ਜਾਣਾ-ਚੱਕਰ ਜਿਹੇ ਆਈ ਜਾਂਦੇ ਐ।"
-"ਲਿਆਉਨੈਂ ਬਾਪੂ ਜੀ।"
ਕਿੰਦਰ ਨੇ ਚਾਹ ਲਿਆ ਰੱਖੀ।
ਬਾਪੂ ਨੇ ਅੱਧਾ ਕੁ ਗਿਲਾਸ ਪੀ ਤਾਂ ਲਈ, ਪਰ ਚਾਹ ਪੇਟ ਨੇ ਨਾ ਝੱਲੀ। ਉਲਟੀ ਰਾਹੀਂ ਤੁਰੰਤ ਹੀ ਬਾਹਰ ਆ ਗਈ। ਬੇਬੇ ਨੇ ਬਾਪੂ ਦੀਆਂ ਪੁਡ਼ਪੁਡ਼ੀਆਂ ਘੁੱਟ ਲਈਆਂ। ਕਿੰਦਰ ਨੇ ਉਲਟੀ 'ਤੇ ਸੁਆਹ ਧੂਡ਼ ਦਿੱਤੀ। ਬਾਪੂ ਅਜੇ ਵੀ ਅਵੱਤ ਜਿਹੇ ਲਈ ਜਾ ਰਿਹਾ ਸੀ। ਉਸ ਦੀਆਂ ਪੱਸਲੀਆਂ ਖਿੱਚੀਆਂ ਗਈਆਂ ਸਨ।
ਡਾਕਟਰ ਪੁੱਜ ਗਿਆ।
ਉਸ ਨੇ ਥਰਮਾਮੀਟਰ ਲਾ ਕੇ ਦੇਖਿਆ ਤਾਂ ਬਾਪੂ ਨੂੰ ਇਕ ਸੌ ਤਿੰਨ ਬੁਖ਼ਾਰ ਸੀ।
-"ਤੈਨੂੰ ਤਾਂ ਤਾਇਆ ਬੁਖਾਰ ਈ ਬਹੁਤ ਐ!" ਪਿੰਡ ਦੇ ਡਾਕਟਰ ਨੇ ਥਰਮਾਮੀਟਰ, ਕੇਸ ਵਿਚ ਪਾਉਂਦਿਆਂ ਕਿਹਾ।
-"ਕਿੰਨੈਂ ਸ਼ੇਰਾ?"
-"ਇਕ ਸੌ ਤਿੰਨ ਐਂ ਤਾਈ!"
-"ਮੈਂ ਵੀ ਆਖਾਂ-ਬਈ ਅੱਜ ਐਨੀ ਜਾਨ ਤੋਡ਼-ਤੋਡ਼ ਕਿਉਂ ਬੋਲਦੈ? ਇਹ ਤਾਂ ਐਨਾਂ ਅੱਤਡ਼ ਕਦੇ ਬੋਲਿਆ ਈ ਨ੍ਹੀ ਸੀ।"
-"ਅੱਜ ਈ ਹੋਇਐ ਤਾਇਆ?"
-"ਆਹ ਹੁਣੇਂ ਜੇ ਈ ਚਡ਼੍ਹਿਐ ਪੁੱਤ-ਤਡ਼ਕਿਓਂ ਤਾਂ ਚੰਗਾ ਭਲਾ ਸੀ।"
-"ਸਿਰ ਸੁਰ ਵੀ ਦੁਖਦੈ?"
-"ਸਾਰਾ ਸਰੀਰ ਈ ਦੁਖਦੈ ਸ਼ੇਰਾ।"
-"ਉਲਟੀ ਵੀ ਆਈ ਐ ਪੁੱਤ-ਚਾਹ ਪੀਤੀ ਸੀ ਦੋ ਕੁ ਘੁੱਟਾਂ-ਅੰਦਰ ਖਡ਼੍ਹੀ ਈ ਨਹੀਂ।"
-"ਲੈ ਤਾਇਆ-ਮਾਰ ਫੇਰ ਪਾਸਾ-ਟੀਕਾ ਲਾਈਏ।"
ਬਾਪੂ ਨੇ ਟੀਕਾ ਲਗਵਾ ਲਿਆ।
-"ਆਹ ਤਾਈ ਇਕ ਕੈਪਸੂਲ ਤੇ ਆਹ ਦੋ ਗੋਲੀਆਂ ਹੁਣ-ਫਿਰ ਇਉਂ ਈ ਅੱਧੀ ਰਾਤ ਨੂੰ ਤੇ ਫਿਰ ਸਵੇਰੇ ਦੁੱਧ ਨਾਲ ਦੇਣੀਐਂ-ਕੱਲ੍ਹ ਨੂੰ ਇਕ ਟੀਕਾ ਫੇਰ ਲਾਵਾਂਗੇ-ਤੁਰ ਕੇ ਈ ਆ ਜਾਈਂ ਤਾਇਆ-ਕੱਲ੍ਹ ਨੂੰ ਰੋਟੀ ਵੇਲੇ ਤੱਕ ਤੁਰਨ ਫਿਰਨ ਜੋਗਾ ਹੋਜੇਂਗਾ।"
-"ਚੰਗਾ ਸ਼ੇਰਾ।"
-"ਖਾਣ ਪੀਣ ਨੂੰ ਕੀ ਦੇਈਏ ਪੁੱਤ?"
-"ਅਜੇ ਕੁਛ ਨਹੀਂ-ਸ਼ਾਮ ਨੂੰ ਖਿਚਡ਼ੀ ਦੇ ਦਿਓ।"
-"ਪੈਸੇ ਸ਼ੇਰਾ?"
-"ਕੱਲ੍ਹ ਨੂੰ ਈ ਲੈ ਲਵਾਂਗੇ ਤਾਇਆ-ਪੈਸੇ ਕਿਤੇ ਭੱਜੇ ਨਹੀਂ ਜਾਂਦੇ-ਤੂੰ ਕੈਮ ਹੋ ਕੇਰਾਂ!"
ਡਾਕਟਰ ਤੁਰ ਗਿਆ।
ਦਿਨ ਢਲੇ ਸੀਰੀ ਪੱਠੇ ਲੈ ਕੇ ਆ ਗਿਆ।
-"ਚਾਅਚੀ! ਅੱਜ ਚਾਚਾ ਖੇਤ ਨ੍ਹੀ ਆਇਆ?"
-"ਵੇ ਜੈਬਿਆ-ਉਹਨੂੰ ਤਾਂ ਤਾਪ ਨੇ ਸਿੱਟ ਲਿਆ ਪੁੱਤ-ਔਹ ਬੈਠਕ 'ਚ ਪਿਐ।"
ਸੀਰੀ ਬੈਠਕ ਵਿਚ ਗਿਆ ਤਾਂ ਬਲਿਹਾਰ ਸਿੰਘ ਮੁਡ਼੍ਹਕੋ-ਮੁਡ਼੍ਹਕੀ ਹੋਇਆ, ਸੁੱਤਾ ਪਿਆ ਸੀ।
-"ਚਾਚਾ ਕਿਵੇਂ ਪੈਂਚਰ ਜਿਆ ਹੋਇਆ ਪਿਐਂ?"
ਬਲਿਹਾਰ ਸਿੰਘ ਨੇ ਅੱਖਾਂ ਪੱਟੀਆਂ।
ਉਹ ਬੁਖਾਰ ਦਾ ਮਧੋਲਿਆ ਪਿਆ ਸੀ।
-"ਲੈ ਮੁਡ਼੍ਹਕਾ ਪੂੰਝ ਲੈ!" ਸੀਰੀ ਨੇ ਪਰਨਾ ਬਲਿਹਾਰ ਸਿੰਘ ਅੱਗੇ ਕੀਤਾ।
-"ਪਤਾ ਨੀ ਸਾਲਾ ਕਿੱਧਰੋਂ ਆ ਚਡ਼੍ਹਿਆ?" ਬਲਿਹਾਰ ਸਿੰਘ ਮੂੰਹ-ਮੱਥਾ ਪੂੰਝਦਾ ਹੋਇਆ ਬੋਲਿਆ।
-"ਇਹਨੇ ਕਿਹਡ਼ਾ ਕਿਤੋਂ 'ਜਾਜਤ ਲੈਣੀ ਐਂ?"
-"ਜਿਹਡ਼ਾ ਲੋਟ ਆਇਆ-ਜੁੱਪ ਲਿਆ!"
ਬਲਿਹਾਰ ਸਿੰਘ ਜੈਬੇ ਦੇ ਆਖਣ 'ਤੇ ਫੋਕਾ ਜਿਹਾ ਹੱਸ ਪਿਆ।
-"ਜਾਹ ਜੈਬਿਆ ਪਾਣੀ ਲੈ ਕੇ ਆ-ਤੇਹ ਨਾਲ ਦਿਲ ਮੱਚੀ ਜਾਂਦੈ।"
ਜੈਬਾ ਪਾਣੀ ਦਾ ਗਿਲਾਸ ਭਰ ਲਿਆਇਆ।
-"ਖੂਹ ਆਲਿਆਂ ਦਾ ਮਾਛਟਰ ਐ ਨਾ ਚਾਚਾ?"
-"ਕਿਹਡ਼ਾ? ਉਹਨਾਂ ਦੇ ਦੋ ਮਾਛਟਰ ਐ।"
-"ਉਹੋ-ਜਿਹਡ਼ਾ ਠੋਡੀ 'ਤੇ ਦਾਹਡ਼ੀ ਜੀ ਰੱਖਦੈ।"
-"ਆਹੋ-!"
-"ਉਹਨੂੰ ਪੁਲਸ ਨੇ ਕੁੱਟਿਆ।"
-"ਕਿਉਂ? ਕਾਹਤੋਂ?" ਬਲਿਹਾਰ ਸਿੰਘ ਨੇ ਪਾਣੀ ਪੀ ਕੇ ਗਿਲਾਸ ਜੈਬੇ ਨੂੰ ਫਡ਼ਾ ਦਿੱਤਾ। ਪਾਣੀ ਜਿਵੇਂ ਅੰਦਰ ਕੋਲਿਆਂ 'ਤੇ ਡਿੱਗਿਆ ਸੀ। ਬਲਿਹਾਰ ਸਿੰਘ ਦੇ ਅੰਦਰ ਠੰਢ ਪੈ ਗਈ ਅਤੇ ਮੂੰਹ 'ਚੋਂ ਭਾਫ਼ ਨਿਕਲੀ।
-"ਮਾਛਟਰੀ ਦਾ ਕੋਰਸ ਕੀਤੇ ਨੂੰ ਤਾਂ ਉਹਨੂੰ ਵਾਹਵਾ ਚਿਰ ਹੋ ਗਿਆ-ਨੋਕਰੀ ਕਿਤੇ ਮਿਲੀ ਨ੍ਹੀ-ਪਟਡ਼ੀਫੇਰ ਸਾਰੇ ਵਿਹਲੇ ਫਿਰਦੇ ਮਾਛਟਰਾਂ ਨੇ ਚੰਦੀਗਡ਼੍ਹ ਧਰਨਾ ਜਾ ਦਿੱਤਾ-ਅਖੇ ਸਾਨੂੰ ਨੋਕਰੀਆਂ ਦਿਓ-।"
-"ਫੇਰ-?"
-"ਫੇਰ ਕੀ? ਉਥੇ ਹਾਅਤ ਹੂਅਤ ਕੀਤੀ ਹੋਣੀ ਐਂ? ਪੁਲਸ ਆਲਿਆਂ ਨੇ ਫਡ਼ ਕੇ ਮੂਧੇ ਪਾ ਲਏ-ਚੰਗੀ ਦੁਰਬਡ਼ੀ ਲਾਈ-ਖੂਹ ਆਲਿਆਂ ਦੇ ਮਾਛਟਰ ਦੇ ਤਾਂ ਕਿਤੇ ਕਲੋਟੇ ਥਾਂ ਸੱਟ ਵੱਜੀ-ਮੂਤ ਬੰਦ ਹੋ ਗਿਆ-ਹੁਣ ਉਥੇ ਈ ਕਿਤੇ ਹਸਪਤਾਲ 'ਚ ਦਾਖਲ ਐ-।"
-"ਹਲਾ!"
-"ਪੁਲਸ ਆਲੇ ਵੀ ਕੀ ਕਰਨ ਚਾਚਾ? ਇਹ ਵੀ ਚੰਦੀਗਡ਼੍ਹ ਤੌਡ਼ਾ ਚੌਂਕ 'ਚ ਨਿੱਤ ਕੰਜਰਖਾਨਾ ਕਰਦੇ ਸੀ-ਨਾਅਰੇ ਮਾਰਦੇ ਸੀ-ਜਿੰਦਾਬਾਦ-ਮੁਰਦਾਬਾਦ ਕਰਦੇ ਸੀ-ਅਗਲੇ ਅੱਕ ਗਏ ਤੇ ਲਾ ਦਿੱਤੀਆਂ ਫੀਤੀਆਂ।"
-"ਉਹ ਤੌਡ਼ਾ ਚੌਂਕ ਨ੍ਹੀ-ਮਟਕਾ ਚੌਂਕ ਐ ਜੈਬਿਆ!" ਬਲਿਹਾਰ ਸਿੰਘ ਨੂੰ ਹਾਸਾ ਆ ਗਿਆ।
-"ਚਾਹੇ ਕੋਈ ਵੀ ਚੌਂਕ ਹੋਵੇ ਚਾਚਾ-ਕਰਦੇ ਤਾਂ ਉਥੇ ਕੰਜਰਖਾਨਾ ਈ ਸੀ? ਅਖੇ ਸਾਡੇ ਹੱਕ-ਐਥੇ ਰੱਖ-ਲੈ, ਰੱਖਤੇ! ਕਰਵਾਈ ਜਾਓ ਪਏ ਪੱਟੀਆਂ-ਲੁਆਈ ਚੱਲੋ ਨਰਸਾਂ ਤੋਂ ਟੀਕੇ।"
-"ਥੱਬਾ ਰੁਪਈਆਂ ਦਾ ਲਾ ਕੇ ਪਡ਼੍ਹੇ ਐ-ਕਰਜੇ ਚੱਕ-ਚੱਕ ਕੋਰਸ ਕੀਤੇ ਐ-ਗੌਰਮਿਲਟ ਨੂੰ ਵੀ ਕੋਈ ਸ਼ਰਮ ਚਾਹੀਦੀ ਐ? ਭੁੱਖੇ ਮਰਦੇ ਕੀ ਕਰਨ? ਘਰੇ ਘਰਦੇ ਨੀ ਟਿਕਣ ਦਿੰਦੇ! ਆਖਦੇ ਐ, ਕੰਜਰ ਦਿਆ ਟੂਟੀ ਆਲੀ ਬੰਨ੍ਹੀ ਫਿਰਦੈਂ-ਕਿਸੇ ਕਿੱਤੇ ਲੱਗਜਾ।"
ਬਲਿਹਾਰ ਸਿੰਘ ਨਾਲ ਜੈਬਾ ਵੀ ਹੱਸ ਪਿਆ।
-"ਮਗਰ ਗਿਐ ਕੋਈ?"
-"ਜੱਥੇਦਾਰ ਗਿਐ।"
-"ਇਹਨਾਂ ਨੂੰ ਕਿਵੇਂ ਪਤਾ ਲੱਗਿਆ?"
-"ਭਾਲੇ ਬਾਈ ਕੇ ਘਰੇ ਟੈਲੀਫੂਨ ਕੀਤੈ ਕਿਸੇ ਨਾਲ ਦੇ ਨੇ-ਆਪਣੇ ਪਿੰਡ ਆਲੇ ਭਜਨ ਡਾਕਦਾਰ ਨੂੰ ਬੱਧਣੀਂ ਵੀ ਟੈਲੀਫੂਨ ਆਇਆ ਸੀ-ਹਾਲਤ ਤਾਂ ਕਹਿੰਦੇ ਐ ਮਾਡ਼ੀ ਈ ਐ।"
-"ਮਾਡ਼ੀ ਤਾਂ ਹੋਣੀ ਸੀ ਜਦੋਂ ਪਿਸ਼ਾਬ ਦਾ ਬੰਨ੍ਹ ਪੈ ਗਿਆ-ਮੈਨੂੰ ਮੈਦ ਐ ਪੇਡੂ 'ਚ ਸੱਟ ਹੋਣੀ ਐਂ।"
-"ਪੁਲਸ ਆਲੇ ਮਾਰਨ ਲੱਗੇ ਕਿਹਡ਼ਾ ਅੱਗਾ ਪਿੱਛਾ ਦੇਹਂਦੇ ਐ?"
-"ਕਿਹਡ਼ਾ ਆਬਦੇ ਸੱਟ ਲੱਗਣੀ ਐਂ?"
-"ਉਹਨਾਂ ਨੂੰ ਤਾਂ ਇਹ ਨ੍ਹੀ ਪਤਾ ਲੱਗਦਾ ਬਈ ਅਗਲੇ ਦੇ ਸੱਟ ਕਿੰਨੀ ਕੁ ਲੱਗਦੀ ਐ?"
ਦੋਨੋਂ ਗੱਲਾਂ ਕਰਦੇ ਰਹੇ।
-"ਮੈਂ ਪੱਠੇ ਕੁਤਰਲਾਂ ਚਾਚਾ-ਦਿਨ ਤਾਂ ਜਮਾਂ ਈ ਥੱਲੇ ਨੂੰ ਗਿਆ।"
-"ਆਬਦੀ ਚਾਚੀ ਨੂੰ ਕਹਿ ਕੇ ਚਾਹ ਧਰਾ-ਨਾਲੇ ਤੂੰ ਪੀ ਲਈਂ।"
-"ਧਰਾ ਦਿੰਨੈਂ।"
-"ਕੱਲ੍ਹ ਤੱਕ ਹੋਜੇਂਗਾ ਕੈਮ?" ਜੈਬੇ ਨੇ ਤੁਰਦਿਆਂ, ਰੁਕ ਕੇ ਪੁੱਛਿਆ।
-"ਮੈਦ ਐ ਬਈ ਅੱਜ ਈ ਕੈਮ ਹੋਜੂੰ।"
-"ਮੈਖਿਆ ਝੋਨੇ 'ਚੋਂ ਕੱਢ ਦੇਈਏ ਅਵਲਾ ਸਵਲਾ।"
-"ਜੇ ਮੈਂ ਨਾ ਆਉਣ ਜੋਕਰਾ ਹੋਇਆ-ਤੂੰ ਬਿੱਲੇ ਨੂੰ ਲੈ ਜਾਈਂ।"
-"ਕਾਹਨੂੰ ਚਾਚਾ ਜੁਆਕ ਨੂੰ ਵਾਹੀ 'ਚ ਰੋਲਦੈਂ?"
-"ਜੇ ਜੱਟ ਦਾ ਪੁੱਤ ਵਾਹੀ ਨਾ ਕਰੂ-ਹੋਰ ਮਨਿਛਟਰ ਬਣੂੰ? ਇਕ ਦਿਨ ਤਾਂ ਪੁੱਤ ਬਸੰਤਿਆ-ਤੂੰ ਹੱਟੀ ਬਹਿਣਾ।"
-"ਪਰ ਜਿੰਨਾ ਚਿਰ ਬਸੰਤੇ ਬਿਨਾ ਹੱਟੀ ਚੱਲਦੀ ਐ-ਉਨਾਂ ਚਿਰ ਤਾਂ ਚਲਾਈਏ ਚਾਚਾ?"
-"ਜੈਬਿਆ! ਸਿਆਣੇ ਕਹਿੰਦੇ ਐ-ਪੁੱਤਰ ਧੀ ਤੇ ਖੁਰਪਾ ਚੰਡੇ ਹੀ ਕੰਮ ਦਿੰਦੇ ਨੇ-ਘਿਉ ਦੇ ਕੋਲ ਚੂਚਕਾ ਰੱਖੀਏ ਨਾ ਅੰਗਿਆਰੀ।"
-"ਪਰ ਚਾਚਾ! ਆਪਣਾ ਬਿੱਲਾ ਚੰਡਣ ਆਲਾ ਹੈ ਈ ਨ੍ਹੀ-ਦੱਸ ਇਹਨੇ ਕਦੇ ਕੋਈ ਉਲਾਂਭਾ ਖੱਟਿਐ ਹੁਣ ਤੱਕ?"
-"ਜੈਬਿਆ! ਦੁੱਧ ਤੇ ਬੁੱਧ ਫਟਦਿਆਂ ਪਤਾ ਨਹੀਂ ਲੱਗਦਾ।"
-"ਕੁਛ ਆਖ ਚਾਚਾ-ਮੈਂ ਬਿੱਲੇ ਨੂੰ ਨਾਲ ਨੀ ਲੈ ਕੇ ਜਾਣਾ-ਇਕ ਘੰਟਾ ਪਹਿਲਾਂ ਉਠ ਖਡ਼ੂੰ-ਤੂੰ ਖੇਤ ਆ ਜਾਈਂ-ਚਾਹੇ ਮੰਜਾ ਡਾਹ ਕੇ ਈ ਬੈਠਾ ਰਹੀਂ-ਝੋਨੇ 'ਚੋਂ ਖੱਸਣ ਮੈਂ ਆਪੇ 'ਕੱਲਾ ਈ ਕੱਢੀ ਜਾਊਂ-ਹੁਣ ਮੈਂ ਪੱਠੇ ਕੁਤਰਲਾਂ।" ਤੇ ਜੈਬਾ ਤੁਰ ਗਿਆ।
-"ਪਹਿਲਾਂ ਚਾਹ ਪੀ ਲੈ ਜੈਬਿਆ-ਤਡ਼ਕੇ ਦਾ 'ਕੱਲਾ ਈ ਭੱਜਿਆ ਫਿਰਦੈਂ।" ਜੀਤ ਕੌਰ ਨੇ ਕਿਹਾ।
-"ਐਸ ਦੇਹ ਤੋਂ ਹੋਰ ਕੀ ਕਰਵਾਉਣੈਂ ਚਾਚੀ? ਇਹਨੇ ਤਾਂ ਅਖੀਰ ਨੂੰ ਮਿੱਟੀ ਈ ਹੋ ਜਾਣੈਂ-ਵਿਹਲੇ ਰਹਿ ਕੇ ਮਿੱਟੀ ਹੋਣ ਨਾਲੋਂ ਕੰਮ ਕਰਕੇ ਖਾਣਾ ਵਧੀਐ-ਰੱਬ ਨੇ ਦੋ ਹੱਥ ਕਾਹਦੇ ਆਸਤੇ ਦਿੱਤੇ ਐ ਚਾਚੀ? ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਆਸਤੇ।" ਜੈਬਾ ਚਾਹ ਦੇ ਸਡ਼੍ਹਾਕੇ ਮਾਰਦਾ ਬੋਲਿਆ। ਸੱਤ ਸਾਲ ਹੋ ਗਏ ਸਨ ਉਸ ਨੂੰ ਬਲਿਹਾਰ ਸਿੰਘ ਨਾਲ ਸੀਰੀ ਰਲਿਆਂ। ਜੈਬੇ ਨੇ ਬਲਿਹਾਰ ਸਿੰਘ ਨੂੰ ਅਤੇ ਬਲਿਹਾਰ ਸਿੰਘ ਨੇ ਜੈਬੇ ਨੂੰ ਕਦੇ ਬਿਗਾਨਾ ਸਮਝਿਆ ਹੀ ਨਹੀਂ ਸੀ। ਉਹ ਇਕ ਦੂਜੇ ਦੇ ਦੁਖ-ਸੁਖ ਦੇ ਸਾਂਝੀ ਸਨ। ਬਲਿਹਾਰ ਸਿੰਘ ਦੀ ਗੈਰਹਾਜ਼ਰੀ ਵਿਚ ਜੈਬਾ ਮਾਲਕ ਵਾਂਗ ਫ਼ਸਲਾਂ ਦੀ ਰਾਖੀ ਕਰਦਾ ਸੀ।
ਇਕ ਵਾਰੀ ਦੀ ਗੱਲ ਹੈ ਕਿ ਬਲਿਹਾਰ ਸਿੰਘ ਦਾ ਸਾਰਾ ਪ੍ਰੀਵਾਰ ਕਿਸੇ ਰਿਸ਼ਤੇਦਾਰੀ ਵਿਚ ਵਿਆਹ ਗਿਆ ਹੋਇਆ ਸੀ। ਦੋ ਦਿਨ ਲੱਗ ਜਾਣੇ ਸਨ। ਇਸ ਗੱਲ ਦਾ ਜੈਬੇ ਦੀ ਘਰਵਾਲੀ 'ਕੱਲ੍ਹੋ' ਨੂੰ ਵੀ ਪਤਾ ਸੀ। ਉਹ ਆਪਦੀ ਮੌਲੀ ਮੱਝ ਵਾਸਤੇ ਘਾਹ ਖੋਤਣ ਦੀ ਜਗਾਹ ਬਲਿਹਾਰ ਸਿੰਘ ਦੇ ਖੇਤੋਂ ਬਰਸੀਨ ਵੱਢਣ ਆ ਲੱਗੀ। ਕਣਕ ਨੂੰ ਪਾਣੀ ਲਾਉਂਦਾ-ਲਾਉਂਦਾ ਜੈਬਾ ਵੀ ਇਧਰ ਆ ਗਿਆ।
ਘਰਵਾਲੀ ਨੂੰ ਪੱਠੇ ਵੱਢਦੀ ਦੇਖ ਕੇ ਉਹ ਸਤੰਭ ਰਹਿ ਗਿਆ। ਕਹੀ ਉਸ ਨੇ ਇਕ ਪਾਸੇ ਰੱਖ ਦਿੱਤੀ।
-"ਕੀ ਕਰਦੀ ਐਂ ਨੀ---?" ਉਹ ਹੈਰਾਨਗੀ ਵਿਚ ਚੀਕ ਮਾਰਨ ਵਾਲਾ ਹੋਇਆ ਖਡ਼੍ਹਾ ਸੀ।
-"ਦੀਹਂਦਾ ਨੀ-ਅੰਨ੍ਹੈਂ?" ਕੱਲ੍ਹੋ ਬਡ਼ੀ ਹੀ ਅੱਤਡ਼ ਔਰਤ ਸੀ। ਸਾਰਾ 'ਵਿਹਡ਼ਾ' ਉਸ ਦੀ ਜੁੱਤੀ ਦੇ ਯਾਦ ਨਹੀਂ ਸੀ। ਵਿਹਡ਼ੇ ਦੀਆਂ ਤਮਾਮ ਔਰਤਾਂ ਉਸ ਤੋਂ ਭੈਅ ਖਾਂਦੀਆਂ ਸਨ। ਬੋਲਣ ਲੱਗੀ ਵੀ ਉਹ "ਤੱਤਾ-ਠੰਢਾ" ਜਾਂ ਬੰਦਾ ਕੁਬੰਦਾ ਨਹੀਂ ਦੇਖਦੀ ਸੀ, ਬੱਸ! ਗਾਲ੍ਹਾਂ ਦੀ ਸੂਡ਼ ਬੰਨ੍ਹ ਲੈਂਦੀ ਸੀ! ਜੈਬਾ ਵੀ ਉਸ ਤੋਂ ਕੰਨ ਭੰਨਦਾ ਸੀ।
-"ਮੈਂ ਕਿਹੈ ਕੀ ਕਰਦੀ ਐਂ?" ਜੈਬੇ ਨੂੰ ਕਰੋਧ ਚਡ਼੍ਹ ਗਿਆ।
-"ਦੀਹਂਦਾ ਨੀ ਤੈਨੂੰ? ਪੱਠੇ ਵੱਢਦੀ ਐਂ---!" ਉਹ ਦਾਤੀ ਚਲਾਉਂਦੀ ਬੋਲ ਰਹੀ ਸੀ।
-"ਕੀਹਦੇ ਆਸਤੇ?"
-"ਕੁੱਤਿਆ ਚੂਹਡ਼੍ਹਿਆ ਤੂੰ ਮੇਰੇ 'ਤੇ ਠਾਣਾ ਲੱਗਿਐਂ? ਪੱਠੇ ਵੱਢਦੀ ਐਂ ਆਬਦੀ ਮੱਝ ਆਸਤੇ-ਹੋਰ ਤੇਰੀ ਮਾਂ ਨੂੰ ਨ੍ਹੀ ਪਾਉਣੇ--!"
-"ਪੁੱਛਿਆ ਕੀਹਨੂੰ ਐਂ? ਗਰਚ ਗਰਚ ਵੱਢਣ ਲੱਗਪੀ-ਜਿਮੇਂ ਬਾਪੂ ਦਾ ਖੇਤ ਹੁੰਦੈ--?"
-"-----।" ਕੱਲ੍ਹੋ ਕੁਝ ਨਾ ਬੋਲੀ। ਮੱਟਰ ਬਣੀ ਆਪਦਾ ਕੰਮ ਕਰਦੀ ਰਹੀ। ਜੈਬੇ ਦੇ ਸਿਰ ਨੂੰ ਫ਼ਤੂਰ ਚਡ਼੍ਹ ਗਿਆ। ਉਸ ਨੇ ਡਾਂਗ ਲੈ ਕੇ ਕੱਲ੍ਹੋ ਦੀ ਤਹਿ ਲਾ ਦਿੱਤੀ।
-"ਕੁੱਤੀਏ ਜਾਤੇ ਝਡ਼੍ਹੰਮੇਂ! ਤੂੰ ਸਮਝ ਲਿਆ ਬਈ ਮਾਲਕ ਐਥੇ ਨੀ-ਹੁਣ ਤੂੰ ਮਾਲਕ ਐਂ?" ਉਸ ਨੇ ਇਕ ਕਰਡ਼ੀ ਝੁੱਟੀ ਹੋਰ ਲਾ ਦਿੱਤੀ। ਨੇਡ਼ੇ-ਤੇਡ਼ੇ ਕੋਈ ਹੈ ਨਹੀਂ ਸੀ, ਜਿਹਡ਼ਾ ਉਸ ਨੂੰ ਛੁਡਾ ਦਿੰਦਾ।
ਜੈਬੇ ਨੂੰ ਬੁਰੀ 'ਤੇ ਆਇਆ ਦੇਖ ਕੇ ਕੱਲ੍ਹੋ ਚੁੱਪ-ਚਾਪ ਕੁੱਟ ਸਹਿ ਗਈ।
-"ਜਿੰਨਾ ਚਿਰ ਮੈਂ ਚਾਚੇ ਦੇ ਨਾਲ ਸੀਰੀ ਐਂ-ਉਨਾਂ ਚਿਰ ਜੇ ਮੈਂ ਐਧਰ ਦੇਖ ਲਈ-ਮਾਰ ਕੇ ਐਥੇ ਈ ਦੱਬ ਦਿਊਂ!" ਉਸ ਨੇ ਦਾਤੀ ਖੋਹ ਕੇ ਦੋ ਧੌਲਾਂ ਹੋਰ ਜਡ਼ ਦਿੱਤੀਆਂ ਅਤੇ ਧੱਕਾ ਦੇ ਕੇ ਖੇਤੋਂ ਬਾਹਰ ਕਰ ਦਿੱਤੀ।
-"ਮੈਂ ਗਰੀਬ ਜਰੂਰ ਐਂ-ਪਰ ਬੇਈਮਾਨ ਨ੍ਹੀ!" ਦੂਰ ਰੇਬੀਏ ਪਈ ਜਾਂਦੀ ਕੱਲ੍ਹੋ ਨੂੰ ਜੈਬੇ ਨੇ ਲੰਮੀ ਅਵਾਜ਼ 'ਚ ਕਿਹਾ।
-"ਤੂੰ ਘਰੇ ਆਈਂ-ਦਿਊਂ ਤੈਨੂੰ ਪੀਣ ਨੂੰ ਮੂਤ! ਕੁੱਤਾ ਚੂਹਡ਼੍ਹਾ ਕਿਮੇਂ ਅਕਲ ਨੂੰ ਗੋਟਾ ਲੁਆਈ ਫਿਰਦੈ ਮੇਰਾ ਭਤੀਜਾ! ਤੇਰੇ ਲਿਕਲੇ ਕਸੂਤੇ ਥਾਂ ਫੋਡ਼ੀ ਭਤੀਜਿਆ-ਤੂੰ ਘਰੇ ਵਡ਼ੀਂ-ਵੱਢੂੰ ਤੇਰੀਆਂ ਖੁੱਚਾਂ! ਫੋਡ਼ੀ ਕਢਾਵਾ ਕਿਮੇਂ ਮਾਲਕ ਬਣਿਆਂ ਖਡ਼੍ਹੈ-ਮੇਰੇ ਪਿਉ ਦਾ ਸਾਲਾ!" ਕੱਸੀ ਦੀ ਵੱਟ 'ਤੇ ਖਡ਼੍ਹਕੇ ਕੱਲ੍ਹੋ ਨੇ ਕਈ ਝੋਕ ਛੰਦ ਪਡ਼੍ਹੇ। ਹੁਣ ਉਹ ਜੈਬੇ ਦੀ ਮਾਰ ਤੋਂ ਦੂਰ ਸੀ।
-"ਖਡ਼੍ਹਜਾ ਤੇਰੀ ਮੈਂ ਮਾਂ ਦੇ---ਦਿੱਤਾ ਕੁੱਤੀ ਦੇ! ਇਕ ਚੋਰੀ-ਉਤੋਂ ਧੌਂਸਾਂ?" ਜੈਬੇ ਨੇ ਡਾਂਗ ਫਿਰ ਚੁੱਕੀ ਤਾਂ ਕੱਲ੍ਹੋ ਹਵਾ ਹੋ ਗਈ।
ਜੈਬਾ ਗੁੱਸੇ ਵਿਚ ਭਾਫ਼ਾਂ ਛੱਡੀ ਜਾ ਰਿਹਾ ਸੀ।
ਤੀਜੇ ਦਿਨ ਜਦ ਬਲਿਹਾਰ ਸਿੰਘ ਵਾਪਸ ਪਰਤਿਆ ਤਾਂ ਉਸ ਨੂੰ ਜੈਬਾ ਕੁਝ ਜਿ਼ਆਦਾ ਹੀ ਚੁੱਪ-ਚੁੱਪ ਜਿਹਾ ਲੱਗਿਆ।
-"ਕੀ ਗੱਲ ਐ-ਬਾਹਲਾ ਈ ਚੁੱਪ ਜਿਐਂ?" ਬਲਿਹਾਰ ਸਿੰਘ ਨੇ ਪੁੱਛਿਆ।
-"ਨਹੀਂ ਚਾਚਾ-ਤੈਨੂੰ ਐਮੇਂ ਭਰਮ ਐਂ।" ਜੈਬੇ ਨੇ ਬਲਿਹਾਰ ਸਿੰਘ ਤੋਂ ਨਜ਼ਰਾਂ ਚੁਰਾਉਂਦਿਆਂ ਉਤਰ ਦਿੱਤਾ।
-"ਕੱਛ ਥਾਣੀਂ ਮੁੰਮਾ ਨਾ ਦੇਹ! ਆਪਾਂ ਨੂੰ ਬਹੁਤ ਚਿਰ ਹੋ ਗਿਆ 'ਕੱਠੇ ਰਹਿੰਦਿਆਂ ਨੂੰ- ਕੋਈ ਗੱਲ ਜਰੂਰ ਐ-ਮੰਨ ਚਾਹੇ ਨਾ ਮੰਨ!"
-"ਚਾਚਾ--!" ਜੈਬੇ ਦੇ ਬੋਲਾਂ 'ਚ ਹੰਝੂ ਬੋਲੇ। ਗਲ ਰੁਕ ਗਿਆ।
-"ਕਿਤੇ ਫੇਰ ਤਾਂ ਨ੍ਹੀ ਕੱਲ੍ਹੋ ਨਾਲ ਯੁੱਧ ਹੋ ਗਿਆ?"
-"-----।" ਛੇ ਫੁੱਟੇ, ਥੰਮ੍ਹ ਵਰਗੇ ਜੈਬੇ ਦੀਆਂ ਅੱਖਾਂ 'ਚੋਂ ਪਾਣੀ 'ਤਰਿੱਪ-ਤਰਿੱਪ' ਵਹਿ ਤੁਰਿਆ।
ਬਲਿਹਾਰ ਸਿੰਘ ਨੇ ਉਸ ਨੂੰ ਪੁੱਤਾਂ ਵਾਂਗ ਬੁੱਕਲ ਵਿਚ ਲੈ ਲਿਆ।
-"ਕਮਲ ਨੀ ਮਾਰੀਦਾ ਹੁੰਦਾ-ਖੁੱਲ੍ਹ ਕੇ ਗੱਲ ਦੱਸੀਦੀ ਹੁੰਦੀ ਐ-ਤੇਰਾ ਮੇਰਾ ਕੋਈ ਓਹਲਾ ਨਹੀਂ।"
-"ਚਾਚਾ ਮੂੰਹ ਛੋਟੈ-ਗੱਲ ਵੱਡੀ ਐ।"
-"ਕਰਡ਼ਾ ਹੋ ਕੇ ਕੱਢ!"
-"ਮੈਨੂੰ ਧਰਤੀ ਗਰਕਣ ਆਸਤੇ ਵਿਹਲ ਨ੍ਹੀ ਦਿੰਦੀ ਚਾਚਾ!" ਜੈਬਾ ਧਾਹੀਂ ਰੋ ਪਿਆ।
-"ਜੇ ਬੋਲੇਂਗਾ ਈ ਨ੍ਹੀ-ਪਤਾ ਕੀ ਲੱਗੂ? ਤੂੰ ਭਤੀਜ ਬੋਲ ਤਾਂ ਸਹੀ-ਜੁਆਕਾਂ ਮਾਂਗੂੰ ਬੂਹਕੀ ਕਿਉਂ ਜਾਨੈਂ?" ਬਲਿਹਾਰ ਸਿੰਘ ਨੇ ਉਸ ਨੂੰ ਫਿਰ ਸੀਨੇ ਨਾਲ ਲਾ ਕੇ ਘੁੱਟ ਲਿਆ।
ਜੈਬੇ ਨੇ ਹੁਬਕੀਆਂ ਭਰ-ਭਰ ਕੇ ਕੱਲ੍ਹੋ ਦੀ ਸਾਰੀ 'ਕਰਤੂਤ' ਦੱਸ ਦਿੱਤੀ।
ਬਲਿਹਾਰ ਸਿੰਘ ਉਚੀ-ਉਚੀ ਹੱਸ ਪਿਆ।
-"ਫਿੱਟ੍ਹੇ ਮੂੰਹ ਤੇਰੇ! ਉਏ ਤੇਰਾ ਭਲਾ ਹੋਜੇ-ਇਹ ਵੀ ਕੋਈ ਗੱਲ ਐ? ਮੈਂ ਤਾਂ ਡਰ ਗਿਆ ਸੀ ਬਈ ਪਤਾ ਨਹੀ ਕੀ ਗੱਲ ਹੋਗੀ-ਉਏ ਜਾਹ ਉਏ ਯਧ ਕਮਲਿਆ! ਮਾਡ਼ੀ ਜੀ ਗੱਲ ਦਿਲ 'ਤੇ ਨ੍ਹੀ ਲਾਈਦੀ ਹੁੰਦੀ ਸ਼ੇਰਾ-ਕੱਲ੍ਹੋ ਦਾ ਸਹੁਰੀ ਦਾ ਕੁਛ ਮਤਾ ਈ ਇਹੋ ਜਿਐ-ਲਾਹ ਦਿਲੋਂ ਫਿਕਰ-ਮਾਡ਼ੀ ਮਾਡ਼ੀ ਗੱਲ ਤੋਂ ਖਤਮ ਨੀ ਹੋਈਦਾ! ਫਿਕਰ ਹੋਰ ਬਡ਼ੇ ਐ ਕਰਨ ਆਸਤੇ-ਜਾਹ ਉਏ ਤੇਰੇ ਜੈਬਾ ਸਿਆਂ! ਮਾਰੇਂਗਾ ਸ਼ੇਰ! ਮਾਡ਼ੀ ਜੀ ਗੱਲ ਤੋਂ ਈ-।" ਤੇ ਬਲਿਹਾਰ ਸਿੰਘ ਹੱਸਦਾ ਤੁਰ ਗਿਆ।
ਕਈ ਦਿਨ ਜੈਬਾ ਚੁੱਪ-ਚੁੱਪ ਫਿਰਦਾ ਰਿਹਾ।
ਪਰ ਬਲਿਹਾਰ ਸਿੰਘ ਦੇ ਰਲਾਉਟੇ ਸੁਭਾਅ ਨੇ ਉਸ ਦੀ ਮਾਨਸਿਕ ਦਸ਼ਾ ਹੌਲੀ-ਹੌਲੀ, ਥਾਂ ਸਿਰ ਲੈ ਆਂਦੀ।
ਕਦੇ-ਕਦੇ ਉਹ ਖੇਤ ਦਾਰੂ ਪੀ ਲੈਂਦੇ।
ਹਾਸਾ-ਖੇਡਾ ਕਰ ਲੈਂਦੇ। ਦੁਖ-ਸੁਖ ਵੰਡਾ ਲੈਂਦੇ।

ਚੱਲਦਾ.........

No comments:

Post a Comment